ਆਪਣੀ ਸਿਆਸਤ ਚਮਕਾਉਣ ਲਈ ਸਿਆਸੀ ਆਗੂਆਂ ਦੀ ਸੋਸ਼ਲ ਮੀਡੀਆ ਤੇ ਵੱਧਦੀ ਨਿਰਭਰਤਾ
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੁਣ ਕੁਝ ਮਹੀਨੇ ਹੀ ਰਹਿ ਗਏ ਹਨ ਅਤੇ ਸਾਰੀਆਂ ਪਾਰਟੀਆਂ ਵੱਲੋਂ ਇਹ ਚੋਣਾਂ ਜਿੱਤਣ ਲਈ ਆਪਣਾ ਪੂਰਾ ਜੋਰ ਲਗਾਇਆ ਜਾਣ ਲੱਗ ਪਿਆ ਹੈ| ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਸੰਭਾਵੀ ਉਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਲਈ ਸੋਸ਼ਲ ਮੀਡੀਆ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ ਅਤੇ ਹਾਲਾਤ ਇਹ ਹੋ ਗਏ ਹਨ ਕਿ ਸੋਸ਼ਲ ਮੀਡੀਆ ਉਪਰ ਰਾਜਨੀਤੀ ਪੂਰੀ ਤਰ੍ਹਾਂ ਭਾਰੂ ਹੋ ਗਈ ਦਿਖਦੀ ਹੈ| ਇਸ ਸਮੇਂ ਫੇਸਬੁੱਕ, ਵੱਟਸਅਪ ਅਤੇ ਹੋਰਨਾਂ ਸੋਸ਼ਲ ਨੈਟਵਰਕਿੰਗ ਸਾਈਟਾਂ ਉਪਰ ਵੱਚ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਆਪੋ ਆਪਣੇ ਚੋਣ ਪ੍ਰਚਾਰ ਦਾ ਕੰਮ ਬਹੁਤ ਵਧਾ ਦਿੱਤਾ ਗਿਆ ਹੈ| ਇਸਦੇ ਨਾਲ ਹੀ ਟੀ ਵੀ ਚੈਨਲਾਂ ਅਤੇ ਅਖਬਾਰਾਂ ਉੱਪਰ ਕੀਤੀ ਜਾਣ ਵਾਲੀ ਬਿਆਨਬਾਜੀ ਅਤੇ ਆਪਣੇ ਹੱਕ ਵਿੱਚ ਖਬਰਾਂ ਦੇ ਪ੍ਰਸਾਰਨ ਲਈ ਵੀ ਇਹਨਾਂ ਤਮਾਮ ਰਾਜਸੀ ਆਗੂਆਂ ਵਲੋਂ ਪੂਰੀ ਵਾਹ ਲਗਾਈ ਜਾਂਦੀ ਹੈ ਅਤੇ ਰਹਿੰਦੀ ਕਸਰ ਇਹਨਾਂ ਵਲੋਂ ਆਪਣੇ ਹੱਕ ਵਿੱਚ ਦਿੱਤੀਆਂ ਜਾਣ ਵਾਲੀਆਂ ਇਸ਼ਤਿਹਾਰ ਨੁਮਾ ਖਬਰਾਂ ਨਾਲ ਪੂਰੀ ਕਰ ਲਈ ਜਾਂਦੀ ਹੈ|
ਪਿਛਲੀ ਵਾਰ ਹੋਈਆਂ ਲੋਕਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਵਲੋਂ ਆਪਣੇ ਪ੍ਰਚਾਰ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਗਿਆ ਸੀ ਅਤੇ ਉਸਤੋਂ ਬਾਅਦ ਤੋਂ ਹੀ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਆਪਣੇ ਪ੍ਰਚਾਰ ਲਈ ਸੋਸ਼ਲ ਮੀਡੀਆ ਨੂੰ ਟੀ ਵੀ ਅਤੇ ਅਖਬਾਰਾਂ ਤੋਂ ਕਿਤੇ ਵੱਧ ਅਹਿਮੀਅਤ ਦਿੱਤੀ ਜਾਣ ਲੱਗ ਪਈ ਹੈ| ਇਸਦਾ ਇੱਕ ਕਾਰਨ ਇਹ ਵੀ ਹੈ ਕਿ ਸੋਸ਼ਲ ਮੀਡੀਆ ਤੇ ਕੀਤੇ ਜਾਣ ਵਾਲ ਇਸ ਪ੍ਰਚਾਰ (ਅਤੇ ਵਿਰੋਧੀਆਂ ਬਾਰੇ ਕੀਤੇ ਜਾਣ ਵਾਲੇ ਮਾੜੇ ਪ੍ਰਚਾਰ) ਤੇ ਨਾ ਤਾਂ ਕੋਈ ਬੰਦਿਸ਼ ਲਾਗੂ ਹੈ ਅਤੇ ਨਾ ਹੀ ਇਸ ਉੱਪਰ ਕੋਈ ਨਿਯਮ ਹੀ ਲਾਗੂ ਹੁੰਦਾ ਹੈ|
ਹਾਲਾਤ ਇਹ ਹਨ ਕਿ ਵੱਖ ਵੱਖ ਸਿਆਸੀ ਆਗੂਆਂ ਅਤੇ ਉਹਨਾ ਦੀਆਂ ਪਾਰਟੀਆਂ ਵਲੋਂ ਪੂਰੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਸੋਸ਼ਲ ਮੀਡੀਆ ਉੱਪਰ ਆਪਣੇ ਸਿਆਸੀ ਵਿਰੋਧੀਆਂ ਨੂੰ ਗਲਤ ਅਤੇ ਖੁਦ ਨੂੰ ਠੀਕ ਸਾਬਿਤ ਕਰਨ ਲਈ ਝੂਠੇ ਸੱਚੇ ਤੱਥ ਜਾਰੀ ਕਰਕੇ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ| ਇਸ ਦੌੜ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਆਗੂ ਸ਼ਾਮਿਲ ਹਨ ਅਤੇ ਇਹ ਸਾਰੇ ਹੀ ਆਪਣੇ ਆਪਣੇ ਢੰਗ ਨਾਲ ਆਪਣੇ ਹੱਕ ਵਿੱਚ ਇਸ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ|
ਪੰਜਾਬ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਲਈ ਵੀ ਸੋਸ਼ਲ ਮੀਡੀਆ ਦੀ ਭਰਪੂਰ ਵਰਤੋਂ ਕੀਤੀ ਜਾ ਰਹੀ ਹੈ| ਇਸਦੇ ਤਹਿਤ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਆਗੂਆਂ ਦੇ ਬਿਆਨ ਰਿਕਾਰਡ ਕਰਕੇ ਮੋਬਾਇਲ ਫੋਨਾਂ ਰਾਹੀਂ ਵੋਟਰਾਂ ਨੂੰ ਸੁਣਾਏ ਜਾ ਰਹੇ ਹਨ| ਵੋਟਰਾਂ ਨੂੰ ਇੰਝ ਲੱਗਦਾ ਹੈ ਜਿਵੇਂ ਉਹ ਰਾਜਸੀ ਆਗੂ ਸਿੱਧਾ ਉਹਨਾਂ ਨਾਲ ਹੀ ਗੱਲ ਕਰ ਰਹੇ ਹੋਣ| ਵੋਟਰਾਂ ਉੱਪਰ ਇਸ ਦਾ ਪ੍ਰਭਾਵ ਵੀ ਪੈਂਦਾ ਹੈ| ਅੱਜਕੱਲ ਵਟਸਐਪ ਉੱਪਰ ਆਉਣ ਵਾਲੇ ਸੰਦੇਸ਼ਾਂ ਵਿੱਚ ਵੀ ਸਭ ਤੋਂ ਵੱਧ ਸੰਦੇਸ਼ ਵੱਖ ਵੱਖ ਰਾਜਸੀ ਆਗੂਆਂ ਜਾਂ ਉਹਨਾਂ ਦੇ ਸਮਰਥਕਾਂ ਵਲੋਂ ਹੀ ਭੇਜੇ ਜਾਂਦੇ ਹਨ| ਜਿਆਦਾਤਰ ਰਾਜਸੀ ਆਗੂ ਆਪਣੇ ਸਮਾਗਮਾਂ ਅਤੇ ਚੋਣ ਪ੍ਰਚਾਰ ਦੀਆਂ ਫੋਟੋਆਂ ਅਤੇ ਵੀਡੀਓ ਵਟਸਐਪ ਅਤੇ ਫੇਸਬੁਕ ਤੇ ਪਾਉਂਦੇ ਹਨ ਤਾਂ ਜੋ ਉਹ ਵੱਧ ਤੋਂ ਵੱਧ ਲੋਕਾਂ ਤਕ ਆਪਣੀ ਗੱਲ ਪਹੁੰਚਾ ਸਕਣ|
ਚੋਣਾਂ ਦੇ ਇਸ ਮਾਹੌਲ ਵਿੱਚ ਸਾਰੇ ਹੀ ਸਿਆਸੀ ਆਗੂਆਂ ਵਲੋਂ ਆਪਣੇ ਨਾਲ ਅਜਿਹੇ ਬੰਦੇ ਰੱਖੇ ਜਾਂਦੇ ਹਨ, ਜੋ ਉਹਨਾਂ ਦੀ ਹਰ ਸਰਗਰਮੀ ਨੂੰ (ਤਸਵੀਰਾਂ ਸਮੇਤ) ਸੋਸ਼ਲ ਮੀਡੀਆ ਉਪਰ ਪੋਸਟ ਕਰਦੇ ਹਨ| ਇਸ ਤਰ੍ਹਾਂ ਰਾਜਸੀ ਆਗੂਆਂ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਨਾਲ ਆਮ ਵੋਟਰਾਂ ਨਾਲ ਵੀ ਸੰਪਰਕ ਕਾਇਮ ਕੀਤਾ ਜਾਂਦਾ ਹੈ| ਕਈ ਵਾਰ ਫੇਸਬੁੱਕ ਅਤੇ ਵਟਸਅਪ ਉਪਰ ਵੱਖ ਵੱਖ ਵਿਅਕਤੀਆਂ ਵਿਚਾਲੇ ਬਹਿਸ ਵੀ ਸ਼ੁਰੂ ਹੋ ਜਾਂਦੀ ਹੈ ਇਹ ਬਹਿਸ ਅਕਸਰ ਹੀ ਗੱਲੀਂ ਬਾਤੀ ਹੁੰਦੀ ਹੋਈ ਧਮਕੀਆਂ ਦੇਣ ਤੱਕ ਚਲੀ ਜਾਂਦੀ ਹੈ| ਇਸ ਦੌਰਾਨ ਹਰ ਰਾਜਸੀ ਪਾਰਟੀ ਦਾ ਸਮਰਥਕ ਆਪਣੀ ਪਾਰਟੀ ਨੂੰ ਸਹੀ ਦੱਸਦਾ ਹੈ, ਜਦੋਂ ਕਿ ਦੂਜੀਆਂ ਪਾਰਟੀਆਂ ਦੀ ਨਿੰਦਾ ਕਰਦਾ ਹੈ|
ਸੋਸ਼ਲ ਮੀਡੀਆ ਸਾਈਟਾਂ ਹੁਣ ਅਜਿਹੇ ਸਿਆਸੀ ਆਗੂਆਂ ਦੀ ਸਿਆਸੀ ਲੜਾਈ ਦਾ ਅਖਾੜਾ ਬਣਦੀਆਂ ਜਾ ਰਹੀਆਂ ਹਨ ਅਤੇ (ਖਾਸ ਕਰ ਚੋਣਾਂ ਮੌਕੇ) ਸੋਸ਼ਲ ਮੀਡੀਆ ਤੇ ਰਾਜਨੀਤੀ ਪੂਰੀ ਤਰ੍ਹਾਂ ਭਾਰੂ ਹੋ ਚੁੱਕੀ ਹੈ| ਇਸ ਦੌਰਾਨ ਕਈ ਸਿਆਸੀ ਆਗੂ ਬੜੀ ਚਤੁਰਾਈ ਨਾਲ ਸੋਸ਼ਲ ਮੀਡੀਆ ਉਪਰ ਆਪਣੇ ਪੱਖ ਵਿਚ ਲਹਿਰ ਚਲਾਉਣ ਵਿਚ ਕਾਮਯਾਬ ਵੀ ਹੁੰਦੇ ਹਨ| ਵੇਖਣਾ ਇਹ ਹੈ ਕਿ ਪੰਜਾਬ ਵਿਧਾਨਸਭਾ ਚੋਣਾ ਮੁਕੰਮਲ ਹੋਣ ਤਕ ਇਹ ਅਮਲ ਹੋਰ ਕਿੰਨਾ ਜੋਰ ਫੜਦਾ ਹੈ|
No comments:
Post a Comment