
ਬੁਰਾਈਆਂ ਦੇ ਖਾਤਮੇ ਦੀ ਸ਼ੁਰੂਆਤ ਸਾਨੂੰ ਖੁਦ ਤੋਂ ਹੀ ਕਰਨੀ ਪਵੇਗੀ
ਕਹਿੰਦੇ ਹਨ ਕਿ ਦਵਾਪਰ ਯੁਗ ਵਿੱਚ ਜਦੋਂ ਲੰਕਾ ਦੇ ਰਾਜਾ ਰਾਵਣ ਨੇ ਬਨਵਾਸ ਕੱਟ ਰਹੇ ਸ੍ਰੀ ਰਾਮ ਦੀ ਪਤਨੀ ਸੀਤਾ ਨੂੰ ਅਗਵਾ ਕਰ ਲਿਆ ਸੀ ਤਾਂ ਆਪਣੀ ਪਤਨੀ ਨੂੰ ਛੁੜਾਉਣ ਲਈ ਸ੍ਰੀ ਰਾਮ ਨੇ ਵਾਨਰ ਸੈਨਾ ਦੀ ਮਦਦ ਨਾਲ ਰਾਵਣ ਨਾਲ ਜੰਗ ਲੜ ਕੇ ਜਿੱਤ ਹਾਸਿਲ ਕੀਤੀ ਸੀ ਅਤੇ ਰਾਵਣ ਦਾ ਖਾਤਮਾ ਕਰਕੇ ਇਹ ਗੱਲ ਸਾਬਿਤ ਕੀਤੀ ਸੀ ਕਿ ਬੁਰਾਈ ਭਾਵੇਂ ਕਿੰਨੀ ਵੀ ਤਕੜੀ ਕਿਉਂ ਨਾ ਹੋਵੇ, ਪਰੰਤੂ ਨੇਕੀ ਦੀ ਤਾਕਤ ਸਭ ਤੋਂ ਵੱਡੀ ਹੁੰਦੀ ਹੈ ਅਤੇ ਨੇਕੀ ਅਤੇ ਬਦੀ ਵਿੱਚ ਹੋਣ ਵਾਲੀ ਕੋਈ ਵੀ ਜੰਗ ਭਾਵੇਂ ਕਿੰਨੀ ਵੀ ਲੰਬੀ ਕਿਉਂ ਨਾ ਹੋਵੇ ਇਸ ਵਿੱਚ ਜਿੱਤ ਅਖੀਰਕਾਰ ਨੇਕੀ ਦੀ ਹੀ ਹੁੰਦੀ ਹੈ|ਅੱਜ ਦੇਸ਼ ਭਰ ਵਿੱਚ ਬਦੀ ਉੱਤੇ ਨੇਕੀ ਦੀ ਜਿੱਤ ਦੇ ਉਸੇ ਤਿਓਹਾਰ ਦਸ਼ਹਿਰੇ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਮਣਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਜਿਵੇਂ ਸਾਰੇ ਹੀ ਬਦੀ ਉੱਪਰ ਨੇਕੀ ਦੀ ਜਿੱਤ ਦੀ ਕਹਾਣੀ ਨੂੰ ਦੁਹਰਾ ਕੇ ਮਾਣ ਮਹਿਸੂਸ ਕਰ ਰਹੇ ਹਨ| ਹੋਰ ਕੁੱਝ ਹੋਵੇ ਜਾਂ ਨਾ ਪਰ ਸਤਯੁਗ ਦੀ ਇਹ ਕਹਾਣੀ ਆਪਣੇ ਆਪ ਵਿੱਚ ਇਹ ਜਰੂਰ ਸਾਬਿਤ ਕਰਦੀ ਹੈ ਕਿ ਇਸ ਦੁਨੀਆ ਵਿੱਚ ਅੱਛਾਈ ਅਤੇ ਬੁਰਾਈ ਦੀਆਂ ਤਾਕਤਾਂ ਹਰੇਕ ਯੁਗ ਵਿੱਚ ਮੌਜੂਦ ਰਹੀਆਂ ਹਨ| ਵੇਦਾਂ ਅਨੁਸਾਰ ਹੁਣ ਭਾਵੇਂ ਕਲਯੁਗ ਦਾ ਸਮਾਂ ਚਲ ਰਿਹਾ ਹੈ ਪਰੰਤੂ ਆਮ ਲੋਕਾਂ ਵਿੱਚ ਦਸ਼ਹਿਰੇ ਦੇ ਇਸ ਤਿਉਹਾਰ ਮੌਕੇ ਨੇਕੀ ਦੀ ਜਿੱਤ ਦਾ ਜਸ਼ਨ ਮਣਾਉਣ ਦੀ ਜਿਹੜੀ ਤਾਂਘ ਨਜਰ ਆਉਂਦੀ ਹੈ ਉਸ ਨਾਲ ਇਹ ਵੀ ਸਾਬਿਤ ਹੁੰਦਾ ਹੈ ਕਿ ਭਾਵੇਂ ਅਸੀਂ ਖੁਦ ਕਿਸੇ ਨਾ ਕਿਸੇ ਬੁਰਾਈ ਨਾਲ ਗ੍ਰਸਤ ਕਿਉਂ ਨਾ ਹੋਈਏ ਪਰੰਤੂ ਹੁਣ ਤਕ ਬੁਰਾਈ ਲੋਕਾਂ ਦੇ ਦਿਲੋ ਦਿਮਾਗ ਤੇ ਮੁਕੰਮਲ ਕਬਜਾ ਕਰਨ ਦੀ ਸਮਰਥ ਨਹੀਂ ਹੋ ਪਾਈ ਹੈ ਅਤੇ ਅਸੀਂ ਸਾਰੇ ਹੀ ਦਿਲੋਂ ਇਹ ਚਾਹੁੰਦੇ ਹਾਂ ਕਿ ਸਾਡੀ ਇਸ ਦੁਨੀਆ ਵਿੱਚ ਹਰ ਪਾਸੇ ਵੱਧਦੀ ਬੁਰਾਈ ਦਾ ਪੂਰੀ ਤਰ੍ਹਾਂ ਖਾਤਮਾ ਹੋ ਜਾਵੇ| ਪਰ ਕੀ ਦਸ਼ਹਿਰੇ ਵਾਲੇ ਦਿਨ ਸਜ ਧਜ ਕੇ ਅਤੇ ਕਿਸੇ ਵੱਡੇ ਮੈਦਾਨ ਵਿੱਚ ਇਕੱਠੇ ਹੋ ਕੇ ਬੁਰਾਈ ਦੇ ਪ੍ਰਤੀਕ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਕੇ ਦੁਨੀਆ ਵਿੱਚ ਫੈਲੀ ਇਸ ਬੁਰਾਈ ਦਾ ਖਾਤਮਾ ਕੀਤਾ ਜਾ ਸਕਦਾ ਹੈ? ਜੇਕਰ ਇਹ ਸਵਾਲ ਅਸੀਂ ਆਪਣੇ ਆਪ ਨੂੰ ਕਰੀਏ ਤਾਂ ਇਸਦਾ ਜਵਾਬ ਹਰ ਹਾਲਤ ਵਿੱਚ ਨਾਂਹ ਵਿੱਚ ਹੀ ਮਿਲਦਾ ਹੈ|
ਇਸਦਾ ਸਭਤੋਂ ਵੱਡਾ ਕਾਰਨ ਇਹ ਵੀ ਹੈ ਕਿ ਇਹ ਬੁਰਾਈਆਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਾਡੇ ਅੰਦਰ ਹੀ ਹੈ| ਸਮਾਜ ਵਿੱਚ ਫੈਲੀਆਂ ਬੁਰਾਈਆਂ ਦੇ ਖਾਤਮੇ ਲਈ ਸਭਤੋਂ ਜਰੂਰੀ ਹੈ ਕਿ ਹਰੇਕ ਵਿਅਕਤੀ ਆਪਣੇ ਅੰਦਰ ਜੜ੍ਹਾਂ ਜਮਾ ਕੇ ਬੈਠੇ ਬੁਰਾਈ ਦੇ ਇਸ ਰਾਵਣ ਦਾ ਖਾਤਮਾ ਕਰਨ ਦਾ ਅਹਿਦ ਲਵੇ ਅਤੇ ਇਹ ਤਹਈਆ ਕਰੇ ਕਿ ਉਹ ਕਿਸੇ ਵੀ ਹਾਲਤ ਵਿੱਚ ਅਜਿਹਾ ਕੋਈ ਕੰਮ ਨਹੀਂ ਕਰੇਗਾ ਜਿਹੜਾ ਦੇਸ਼ ਅਤੇ ਸਮਾਜ ਦੇ ਵਡੇਰੇ ਹਿੱਤਾਂ ਦੇ ਖਿਲਾਫ ਜਾਂਦਾ ਹੋਵੇ ਭਾਵੇਂ ਇਸ ਲਈ ਉਸਨੂੰ ਕਿੰਨਾ ਵੀ ਨਿੱਜੀ ਨੁਕਸਾਨ ਕਿਉਂ ਨਾ ਸਹਿਣਾ ਪਵੇ|
ਇਹ ਗੱਲ ਕਹਿਣ ਵਿੱਚ ਤਾਂ ਬਹੁਤ ਆਸਾਨ ਹੈ ਪਰੰਤੂ ਇਸ ਉੱਪਰ ਅਮਲ ਕਰਨਾ ਇੰਨਾ ਆਸਾਨ ਨਹੀਂ ਹੈ ਕਿਉਂਕਿ ਆਪਣੇ ਛੋਟੇ ਛੋਟੇ ਨਿੱਜੀ ਹਿੱਤਾਂ ਅਤੇ ਸੁਆਰਥਾਂ ਦੀ ਪੂਰਤੀ ਕਰਨ ਲਈ ਅਸੀਂ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹੋ ਜਾਂਦੇ ਹਾਂ ਅਤੇ ਸਾਨੂੰ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਹੁੰਦੀ ਕਿ ਸਾਡੀ ਅਜਿਹੀ ਕੋਈ ਕਾਰਵਾਈ ਸਾਡੇ ਦੇਸ਼ ਅਤੇ ਸਮਾਜ ਲਈ ਕਿੰਨੀ ਮਾਰੂ ਸਾਬਿਤ ਹੋ ਸਕਦੀ ਹੈ| ਦਸ਼ਹਿਰੇ ਦੇ ਇਸ ਤਿਉਹਾਰ ਤੇ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਕੇ ਬੁਰਾਈ ਦੇ ਇਸ ਪ੍ਰਤੀਕ ਦਾ ਖਾਤਮਾ ਤਾਂ ਕੀਤਾ ਜਾ ਸਕਦਾ ਹੈ ਪਰੰਤੂ ਇੱਕ ਨਰੋਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਜਰੂਰੀ ਹੈ ਕਿ ਅਸੀਂ ਸਾਰੇ ਆਪਣੇ ਅੰਦਰ ਜੜ੍ਹਾ ਜਮਾ ਕੇ ਬੈਠੀ ਬੁਰਾਈ ਦਾ ਖਾਤਮਾ ਕਰਨ ਦੀ ਸ਼ੁਰੂਆਤ ਕਰੀਏ| ਦੇਸ਼ ਅਤੇ ਸਮਾਜ ਵਿੱਚ ਫੈਲੀ ਬੁਰਾਈ ਦੇ ਖਾਤਮੇ ਦੀ ਸ਼ੁਰੂਆਤ ਤਾਂ ਸਾਨੂੰ ਖੁਦ ਤੋਂ ਹੀ ਕਰਨੀ ਪੈਣੀ ਹੈ ਤਾਂ ਹੀ ਅਸੀਂ ਆਪਣੇ ਦੇਸ਼ ਅਤੇ ਸਮਾਜ ਲਈ ਕੁੱਝ ਸਾਰਥਕ ਕਰਨ ਦੇ ਸਮਰਥ ਹੋ ਸਕਾਂਗੇ|
ਇਸ ਤਰ੍ਹਾਂ ਸਜ ਧਜ ਕੇ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਕੇ ਤਾੜੀਆਂ ਮਾਰਨ ਅਤੇ ਜਸ਼ਨ ਮਣਾਉਣ ਦਾ ਕੀ ਫਾਇਦਾ ਜੇਕਰ ਅਸੀਂ ਰਾਵਣ ਦੇ ਪ੍ਰਤੀਕ ਦੇ ਖਾਤਮੇ ਤੋਂ ਬਾਅਦ ਖੁਦ ਨੂੰ ਦੁਬਾਰਾ ਰਾਵਣ ਦੀ ਭੂਮਿਕਾ ਵਿੱਚ ਹੀ ਲੈ ਆਉਣਾ ਹੋਵੇ ਅਤੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕਿਸੇ ਵੀ ਹੱਦ ਨੂੰ ਪਾਰ ਕਰਨ ਲਈ ਤਿਆਰ ਰਹਿਣਾ ਹੋਵੇ| ਲੋੜ ਸਾਡੇ ਅੰਦਰ ਮੌਜੂਦ ਬੁਰਾਈਆਂ ਦੇ ਰਾਵਣ ਨੂੰ ਖਤਮ ਕਰਨ ਦੀ ਹੈ ਅਤੇ ਇਸਦੀ ਸ਼ੁਰੂਆਤ ਸਾਨੂੰ ਆਪਣੇ ਅੰਦਰ ਤੋਂ ਹੀ ਕਰਨੀ ਪੈਣੀ ਹੈ|
No comments:
Post a Comment