168 ਕਰੋੜ ਰੁਪਏ ਖਰਚ ਕੇ ਬਦਲੀਆਂ ਜਾਣਗੀਆਂ ਸ਼ਹਿਰ ਵਿਚਲੀਆਂ ਸੀਵਰੇਜ਼ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੀਆਂ ਪਾਈਪਾਂ: ਕੁਲਵੰਤ ਸਿੰਘ
ਫੇਜ਼-5 ਤੋਂ ਏਅਰਪੋਰਟ ਸੜਕ ਤੱਕ ਪਾਈ ਜਾ ਰਹੀ 24 ਇੰਚ ਮੋਟੀ ਪਾਈਪ ਲਾਈਨ ਦਾ ਕੰਮ ਸ਼ੁਰੂ ਕਰਵਾਇਆ

ਐਸ.ਏ.ਐਸ.ਨਗਰ, 26 ਅਕਤੂਬਰ (ਸ.ਬ.) ਸ਼ਹਿਰ ਦੇ ਪੁਰਾਣੇ ਹੋ ਚੁੱਕੇ ਸੀਵਰੇਜ਼ ਸਿਸਟਮ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੀਆਂ ਪਾਈਪਾਂ ਦੇ ਜਾਮ ਹੋਣ ਕਾਰਨ ਵਸਨੀਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਕਈ ਦਹਾਕੇ ਪੁਰਾਣੀਆਂ ਇਹਨਾਂ ਪਾਈਪਾਂ ਦੀ ਥਾਂ ਨਵੇਂ ਸਿਰੇ ਤੋਂ ਵੱਧ ਸਮਰਥਾ ਵਾਲਾ ਸੀਵਰੇਜ਼ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਢਾਂਚਾ ਤਿਆਰ ਕਰਨ ਲਈ ਸਰਕਾਰ ਨੂੰ ਤਜਵੀਜ ਭੇਜੀ ਗਈ ਹੈ ਅਤੇ ਸਰਕਾਰ ਵੱਲੋਂ ਇਸ ਸੰਬੰਧੀ ਮੰਜੂਰੀ ਅਤੇ ਰਕਮ ਜਾਰੀ ਹੋਣ ਤੋਂ ਬਾਅਦ ਸ਼ਹਿਰ ਵਾਸੀਆਂ ਦੀ ਇਸ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ ਜਿਸ ਨਾਂਲ ਅਗਲੇ 100 ਸਾਲਾਂ ਤੱਕ ਸ਼ਹਿਰ ਵਾਸੀਆਂ ਨੇ ਸੀਵਰੇਜ਼ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਕਾਰਣ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਹਾਸਿਲ ਹੋ ਜਾਵੇਗਾ| ਇਹ ਗੱਲ ਨਗਰ ਨਿਗਮ ਦੇ ਮੇਅਰ ਸ੍ਰ.ਕੁਲਵੰਤ ਸਿੰਘ ਨੇ ਅੱਜ ਇੱਥੇ ਪੁਰਾਣੇ ਅਮਰਟੈਕਸ ਚੌਂਕ ਨੇੜੇ ਫੇਜ਼-5 ਅਤੇ ਸ਼ਾਹੀ ਮਾਜਰਾ ਵਿਚਲੀ ਸੀਵਰੇਜ਼ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ 99 ਲੱਖ ਰੁਪਏ ਦੇ ਖਰਚੇ ਨਾਲ ਪਾਈ ਜਾਣ ਵਾਲੀ 24 ਇੰਚ ਦੀ 1400 ਮੀਟਰ ਲੰਬੀ ਸੀਵਰ ਲਾਈਨ ਦੇ ਕੰਮ ਦੀ ਸ਼ੁਰੂਆਤ ਮੌਕੇ ਸਥਾਨਕ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖੀ| ਇਸ ਮੌਕੇ ਉਹਨਾਂ ਦੱਸਿਆ ਕਿ ਸ਼ਹਿਰ ਵਿਚ ਪਾਇਆ ਗਿਆ ਸੀਵਰੇਜ਼ ਸਿਸਟਮ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਆਂ ਗਈਆਂ ਪਾਈਪਾਂ ਪੁਰਾਣੀਆਂ ਪੈ ਚੁੱਕੀਆਂ ਹਨ ਜਿਸ ਕਾਰਣ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸੱਮਸਿਆ ਸਾਮਣੇ ਆਉਂਦੀ ਰਹਿੰਦੀ ਹੈ| ਉਹਨਾਂ ਦੱਸਿਆਂ ਕਿ ਇਸ ਸਬੰਧੀ ਨਿਗਮ ਵੱਲੋਂ ਸਰਕਾਰ ਨੂੰ ਸ਼ਹਿਰ ਵਿੱਚ ਸੀਵਰੇਜ ਸਿਸਟਮ ਅਤੇ ਬਰਸਾਤੀ ਪਾਣੀ ਦੀਆਂ ਪੁਰਾਣੀਆਂ ਹੋ ਚੁੱਕੀਆ ਪਾਈਪਾਂ ਬਦਲ ਕੇ ਵੱਧ ਸਮਰਥਾ ਵਾਲੀਆਂ ਪਾਈਪਾਂ ਪਾਉਣ ਸੰਬੰਧੀ ਤਜਵੀਜ ਭੇਜੀ ਗਈ ਹੈ ਜਿਸ ਉਪਰ 168 ਕਰੋੜ ਰੁਪਏ ਦਾ ਖਰਚਾ ਆਉਣਾ ਹੈ| ਉਹਨਾਂ ਕਿਹਾ ਕਿ ਇਹ ਨਵਾਂ ਸਿਸਟਮ ਅਸਲ ਵਿੱਚ ਆਉਣ ਤੋਂ ਬਾਅਦ ਸ਼ਹਿਰ ਵਿਚਲੀ ਬਰਸਾਤੀ ਪਾਣੀ ਅਤੇ ਸੀਵਰੇਜ ਦੀ ਨਿਕਾਸੀ ਦੀ ਸੱਮਸਿਆ ਬੀਤੇ ਸਮੇਂ ਦੀ ਗੱਲ ਹੋ ਕੇ ਰਹਿ ਜਾਏਗੀ|
ਅੱਜ ਆਰੰਭ ਕੀਤੇ ਗਏ ਪਾਈਪ ਲਾਈਨ ਦੇ ਕੰਮ ਬਾਰੇ ਉਹਨਾਂ ਦੱਸਿਆਂ ਕਿ ਪੁਰਾਣੇ ਅਮਰਟੈਕਸ ਚੌਂਕ ਤੋਂ ਏਅਰਪੋਰਟ ਸੜਕ ਤਕ ਪਾਈ ਜਾਣ ਵਾਲੀ ਇਸ 24 ਇੰਚ ਦੀ ਪਾਈਪ ਲਾਈਨ ਰਾਹੀ ਫੇਜ਼-5 ਅਤੇ ਸ਼ਾਹੀ ਮਾਜਰਾ ਦੀ ਸੀਵਰੇਜ ਦੀ ਨਿਕਾਸੀ ਦੀ ਸੱਮਸਿਆ ਪੂਰੀ ਤਰ੍ਹਾਂ ਹਲ ਹੋ ਜਾਵੇਗੀ|
ਇਸ ਮੌਕੇ ਹੋਰਨਾ ਤੋਂ ਇਲਾਵਾ ਨਗਰ ਨਿਗਮ ਦੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ, ਕਮਿਸ਼ਨਰ ਸ੍ਰੀ. ਰਾਜੇਸ਼ ਧੀਮਾਨ, ਸ੍ਰੀ ਆਰ.ਪੀ.ਸ਼ਰਮਾ, ਸ੍ਰੀ. ਅਰੁਣ ਸ਼ਰਮਾ, ਸ੍ਰੀ. ਅਸ਼ੋਕ ਝਾਅ ਅਤੇ ਸ੍ਰੀ. ਅਮਰੀਕ ਸਿੰਘ ਸੋਮਲ (ਸਾਰੇ ਐਮ.ਸੀ) ਅਤੇ ਹੋਰ ਅਧਿਕਾਰੀ ਹਾਜ਼ਿਰ ਸਨ|
ਡੇਢ ਸਾਲ ਪਹਿਲਾਂ ਕੀਤੀ ਸੀ ਮੰਗ: ਅਸ਼ੋਕ ਝਾਅ
ਐਮ. ਸੀ .ਅਸ਼ੋਕ ਝਾਅ (ਜੋ ਇਸ ਮੌਕੇ ਹਾਜ਼ਿਰ ਸੀ) ਨੇ ਕਿਹਾ ਕਿ ਸ਼ਾਹੀਮਾਜਰਾ ਅਤੇ ਫੇਜ਼- 5 ਵਿੱਚ ਸੀਵਰੇਜ਼ ਦੇ ਓਵਰ ਫਲੋਅ ਹੋਣ ਦੀ ਸਮੱਸਿਆ ਬਹੁਤ ਪੁਰਾਣੀ ਹੈ, ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੀਵਰੇਜ਼ ਬੈਕ ਫਲੋਅ ਮਾਰ ਜਾਂਦਾ ਸੀ| ਉਹਨਾਂ ਨੇ ਡੇਢ ਸਾਲ ਪਹਿਲਾਂ ਉਸ ਸਮੇਂ ਦੇ ਨਗਰ ਨਿਗਮ ਦੇ ਕਮਿਸ਼ਨਰ ਉਮਾ ਸ਼ੰਕਰ ਨੂੰ ਇਸ ਸਬੰਧੀ ਲਿਖ ਕੇ ਦਿੱਤਾ ਸੀ, ਉਹਨਾਂ ਦੇ ਸਮੇਂ ਹੀ ਇਹ ਪ੍ਰੋਜੈਕਟ ਤਿਆਰ ਹੋਇਆ ਹੈ ਉਹਨਾਂ ਕਿਹਾ ਕਿ ਡੇਢ ਕਿਲੋਮੀਟਰ ਲੰਮੀ ਸੀਵਰੇਜ਼ ਲਾਈਨ ਪੈ ਜਾਣ ਕਾਰਨ ਸ਼ਾਹੀਮਾਜਰਾ ਅਤੇ ਫੇਜ਼-5 ਦੇ ਵਸਨੀਕਾਂ ਦੀ ਸਮੱਸਿਆ ਦੂਰ ਹੋ ਜਾਵੇਗੀ|
No comments:
Post a Comment